ਕੁਦਰਤ – Delhi Poetry Slam

ਕੁਦਰਤ

By Parvinder Kaur Sukh Ludhiana

ਮੈਂ ਕੁਦਰਤ ਕੁਝ ਬੋਲ ਰਹੀ ਹਾਂ, 
ਪੋਲ ਬੰਦੇ ਦੀ ਖੋਲ੍ਹ ਰਹੀ ਹਾਂ। 
ਇਨਸਾਨ ਬਣ ਗਿਆ ਖੁਦਗਰਜ਼ ਹੈ, 
ਕੀਤੇ ਕੰਮ ਫਰੋਲ ਰਹੀ ਹਾਂ ।
ਮੈਂ ਕੁਦਰਤ ਕੁਝ ਬੋਲ ਰਹੀ ਹਾਂ। 
ਮੈਂ ਕੁਦਰਤ ਕੁਝ ਬੋਲ ਰਹੀ ਹਾਂ।

 ਲੋਕ ਕਿਵੇਂ ਦਾ ਕਰ ਰਹੇ ਧੰਦਾ,
 ਪਾਣੀ ਸਾਰਾ ਹੋ ਰਿਹਾ ਗੰਦਾ।
 ਖੁੱਲੀ ਟੁਟੀ ਨੂੰ ਕਰ ਦਿਓ ਬੰਦ,
 ਪਾਣੀ ਦਾ ਕਰ ਲਓ ਪ੍ਬੰਧ।
 
ਵੱਢ ਵੱਢ ਦਰੱਖਤ ਲਗਾਏ ਟਿਕਾਣੇ,
ਪੰਛੀ ਕਿੱਥੇ ਪਾਲਣ ਨਿਆਣੇ।
ਆਲ੍ਹਣਿਆਂ ਲਈ ਦਰੱਖਤ ਨਾ ਲੱਭਣ,
ਉਲਝ ਗਏ ਨੇ ਤਾਣੇ ਬਾਣੇ।

ਮੇਰੇ ਬਨੇਰੇ,ਕਾਂ ਚਿੜੀ ਨਹੀਂ ਆਉਂਦੇ, 
ਮੈਨੂੰ ਨਹੀਂ ਉਹ ਗੀਤ ਸੁਣਾਉਂਦੇ। 
ਕੰਨ ਤਰਸ ਗਏ ਬੋਲ ਸੁਣਨ ਨੂੰ, 
ਪਤਾ ਨਹੀਂ ਇਹ ਕਿਧਰ ਜਾਂਦੇ।

ਭੁੱਲ ਭੁਲੇਖੇ ਇੱਕ ਚਿੜੀ ਸੀ ਆਈ,
ਵਿਹੜੇ ਵਿੱਚ ਉਸ ਚੀਂ ਚੀਂ ਲਾਈ।
ਮੈਂ ਕਿਹਾ ਚਿੜੀਏ, 
ਹੁਣ ਕਿਉਂ ਨਹੀਂ ਆਉਂਦੀ। 
ਕਿਉਂ ਨਹੀਂ ਮਿੱਠੜੇ ਬੋਲ ਸੁਣਾਉਂਦੀ।

ਸੁਣਕੇ ਚਿੜੀ ਸੀ ਬੋਲੀ ਝੱਟ,
ਸਾਡੀ ਨਸਲ ਹੁਣ ਹੋ ਗਈ ਘੱਟ ।
ਤਾਰਾਂ ਦੇ ਨੇ ਜਾਲ ਵਿਛਾਏ,
ਉੱਚੇ ਉੱਚੇ ਖੰਬੇ ਲਾਏ ।
ਭੋਲੇ ਭਾਲੇ ਪੰਛੀ ਸਾਡੇ, 
ਰੇਡੀਏਸ਼ਨ ਨੇ ਖਤਮ ਕਰਾਏ।
ਪਾਣੀ ਵੀ ਹੋ ਗਿਆ ਏ ਜ਼ਹਿਰੀ,
ਬੰਦਾ ਬਣ ਗਿਆ ਸਾਡਾ ਵੈਰੀ। 

1862 ਜਦੋਂ ਸੀ ਆਇਆ,
ਬੰਦੇ ਨੇ ਪਲਾਸਟਿਕ ਬਣਾਇਆ ।
ਪਲਾਸਟਿਕ ਦੇ ਬੜੇ ਨੇ ਦੋਸ਼ ,
ਸੁਣਕੇ ਉੱਡ ਜਾਂਦੇ ਨੇ ਹੋਸ਼ ।
ਪਲਾਸਟਿਕ ਨਾ ਜਲਦੀ ਗਲ਼ਦਾ,
ਜਦਕਿ ਪਤਾ ਸਭਨੂੰ ਇਸ ਗੱਲ ਦਾ।
ਪਲਾਸਟਿਕ ਵਿੱਚ ਜਿਹੜਾ ਖਾਵੇ,
ਬੀਮਾਰੀ ਨੂੰ ਉਹ ਸੱਦ ਲਿਆਵੇ।
ਕੈਂਸਰ ਵਰਗੇ ਲਗਦੇ ਰੋਗ,
ਘਰ ਦੇ ਵਿੱਚ ਪੈ ਜਾਂਦਾ ਸੋਗ।

ਆਓ ਸਭਨਾਂ ਨੂੰ  ਸਮਝਾਈਏ,
ਘਰ ਘਰ ਜਾ ਮੁਹਿੰਮ ਚਲਾਈ ਏ ।
ਲਿਫ਼ਾਫੇ ਪਲਾਸਟਿਕ ਕਰਦੋ ਬੰਦ,
ਝੋਲਿਆਂ ਦਾ ਕਰ ਲਓ ਪ੍ਬੰਧ।
ਜੇਕਰ ਵਾਤਾਵਰਣ ਬਚਾਉਣਾ,
ਪਲਾਸਟਿਕ ਪਊ ਬੰਦ ਕਰਾਉਣਾ।

ਸਾਇੰਸਦਾਨ ਰਹੇ ਨੇ ਬੋਲ,
ਓ ਜੋਨ ਵਿੱਚ  ਹੋ ਗਿਆ ਹੋਲ।
ਧਰਤੀ ਤੇ ਖਤਰਾ ਮੰਡਰਾਇਆ,
ਨਾਸਾ ਵਾਲਿਆਂ ਨੇ ਸਮਝਾਇਆ।
ਪਲਾਸਟਿਕ ਤੇ ਰੋਕ ਲਗਾਓ,
ਜੀਵ ਜੰਤੂਆਂ ਨੂੰ ਬਚਾਓ।
 
"ਪਰਵਿੰਦਰ ਸੁੱਖ"ਦਰੱਖਤ ਲਗਾਈਏ,
ਪਲਾਸਟਿਕ ਭਾਈ ਬੰਦ ਕਰਾਈਏ।
ਸਵੱਛ ਵਾਤਾਵਰਣ ਬਣਾਈਏ,
ਸਾਰੇ ਸਵੱਛ ਅਭਿਆਨ ਚਲਾਈ ਏ ।

ਪਰਵਿੰਦਰ ਕੌਰ ਸੁੱਖ ਲੁਧਿਆਣਾ


Leave a comment