By Kumar Aman

ਸਾਦਗੀ ਦੀ ਬੁੱਕਲ ਮਾਰਕੇ,
ਜਿਹਨੇ, ਇੱਜਤ ਕੱਜੀ ਏ।
ਇੱਕ ਦਿਲ ਨੂੰ ਲੱਗੀ ਏ।
ਚੰਨ੍ਹ ਵਰਗੀਆਂ ਅੱਖੀਆਂ ਵਿੱਚ,
ਉਹ ਸੁਰਮਾ ਭਰੇ ਹਨੇਰੇ ਦਾ।
ਉਹ ਬਾਗ਼ ਖਿਲ੍ਹੇ ਗੁੜਹਲ ਵਰਗੀ,
ਮੈਂ ਭੌਰਾ ਚਾਰ ਚੁਫ਼ੇਰੇ ਦਾ।
ਸੁਣਾਂ ਗੂੰਜ ਮੁਹੱਬਤਾਂ ਵਾਲੀ,
ਜੋ ਮੁੱਦਤਾਂ ਤੋਂ ਦੱਬੀ ਏ।
ਇੱਕ ਦਿਲ ਨੂੰ.......
ਉਸ ਇਤਰ ਲਿਆ ਏ ਫੁੱਲਾਂ ਤੋਂ,
ਉਹ ਰੰਗ ਤਿਤਲੀ ਤੋਂ ਲੈ ਆਈ।
ਉਹਦੇ ਕੰਨੀ ਝੁਮਕੇ ਸਰਸੋਂ ਦੇ,
ਫੁੱਲ ਸੱਗੀ ਪੰਜਾਬੋ ਲੈ ਆਈ।
ਪਾਈ ਪੈਰੀਂ ਝਾਂਜਰ ਵੇਲਾਂ ਦੀ,
ਲੱਗੇ ਕੁਦਰਤ ਸੱਜੀ ਏ।
ਇੱਕ ਦਿਲ ਨੂੰ.......
ਕਦੇ ਹੋਂਠ ਖੋਲ੍ਹੇ ਤਾਂ ਇੰਞ ਲੱਗਦਾ,
ਜਿਵੇਂ ਝਰਨਾ ਗੀਤ ਸੁਣਾਉਂਦਾ ਏ।
ਜਿਹਨੂੰ ਵੇਖ ਮੋਰ ਵੀ ਨੱਚਦੇ ਨੇ,
ਤੇ ਬੱਦਲ ਜਸ਼ਨ ਮਨਾਉਂਦਾ ਏ।
ਉਹਦੇ ਦਰਸ਼ਨ ਚੰਨ੍ਹ ਚਕੋਰ ਜਿਦ੍ਹਾਂ,
ਅੱਖ ਵੇਖ ਨਾ ਰੱਜੀ ਏ।
ਇੱਕ ਦਿਲ ਨੂੰ.......
ਉਹ ਤੁਰਨ ਸਿਖਾਉਂਦੀ ਮਿਰਗਾਂ ਨੂੰ,
ਉਹਦੇ ਸੁਰ ਵਿੱਚ ਕੋਇਲਾਂ ਬੋਲਣ ਜੀ।
ਵਰ੍ਹਿਆਂ ਤੋਂ ਵਿਛੜੇ ਪ੍ਰੇਮੀ ਜਿਉਂ,
ਉਹਨੂੰ ਏਦਾਂ ਰਾਹਾਂ ਟ੍ਹੋਲਣ ਜੀ।
ਪਿਆਸੇ ਨੂੰ ਤੁਪਕੇ ਵਾਂਗ "ਅਮਨ",
ਬੱਸ ਮਸ੍ਹਾਂ ਹੀ ਲੱਭੀ ਏ।
ਇੱਕ ਦਿਲ ਨੂੰ.......
ਗੁੱਟਾਂ ਵਿੱਚ ਵੰਗ ਗੁਮਾਨਾਂ ਦੀ,
ਟੁੱਟਣ ਤੋਂ ਕਰੇ ਗੁਰੇਜ਼ ਬੜਾ।
ਬੁੱਲਾਂ ਤੇ ਜਿੰਦਰੀ ਸੰਗਾ ਦੀ,
ਕਰੇ ਸ਼ਬਦਾਂ ਤੋਂ ਪਰਹੇਜ਼ ਬੜਾ।
ਨੂਰ ਚਿਹਰੇ ਤੇ ਲਿਸ਼ਕੋਰ ਵਾਂਗੂੰ,
ਧੁੱਪ ਇਸ਼ਕ ਦੀ ਵੱਜੀ ਏ।
ਇੱਕ ਦਿਲ ਨੂੰ.......
ਉਹ ਰੀਤ-ਰਿਵਾਜਾਂ ਨਾਲ ਚੱਲੇ,
ਇਹੀ ਚੱਲਣਾ ਉਹਦਾ ਜੱਚਦਾ ਏ।
ਉਹਦੇ ਨਾਲ ਇਸ਼ਕ ਅਦ੍ਵੈਤ ਹੋਇਆ,
ਜੀ ਝੂਠ ਨਹੀਂਓ ਇਹ ਸੱਚ ਦਾ ਏ।
ਚਿੱਤ ਉਡੂੰ-ਉਡੂੰ ਪਿਆ ਕਰਦਾ ਹੈ,
ਰੂਹ ਜਿਸਮੋਂ ਹੱਲੀ ਏ।
ਇੱਕ ਦਿਲ ਨੂੰ.......
ਉਹ ਹੈ, ਵਿਰਸੇ ਦੀ ਝਲਕ ਨਿਰ੍ਹੀ,
ਉਹਦੀ ਗੁੱਤ ਪੰਜਾਬੀ ਬੋਲਦੀ ਹੈ।
ਵਿੱਚੋਂ ਮਹਿਕ ਵਿਰਾਸਤ ਦੀ ਆਵੇ,
ਉਹ ਜਦ ਵੀ ਸੰਦੂਕੜੀ ਖੋਲਦੀ ਹੈ।
ਬਣ-ਠਣ ਕੇ ਵੇਖ ਪੰਜਾਬਣ,
ਕਿੰਞ ਗਿੱਧੇ ਵਿੱਚ ਨੱਚੀ ਏ।
ਜਿਹੜੀ ਦਿਲ ਨੂੰ.......
Incredible…