By Kulwinder Kaur Nangal
ਆ ਨ੍ਹੀਂ ਬਸੰਤ ਖੁਸ਼ਾਮਦੀਦ
ਸਵਾਗਤ ਏ ਤੇਰਾ
ਸਰ੍ਹੋਂ ਦੇ ਫੁੱਲਾਂ ਨਾਲ
ਲਰਜ਼ਦੇ ਬੁੱਲ੍ਹਾਂ ਨਾਲ
ਸੁੱਕੇ ਪੱਤਿਆਂ ਨਾਲ
ਛਣਕਦੇ ਤੁੱਕਿਆਂ ਨਾਲ
ਚਹਿਕਦੀਆਂ ਚਿੜੀਆਂ ਨਾਲ
ਸਵੇਰਾਂ ਖਿੜੀਆਂ ਨਾਲ
ਮਹਿਕਦੀਆਂ ਪੌਣਾਂ ਨਾਲ
ਸੁਰਾਹੀਦਾਰ ਧੌਣ ਨਾਲ
ਕੋਸੀ ਧੁੱਪ ਨਾਲ
ਸਹਿਕਦੀ ਚੁੱਪ ਨਾਲ
ਭਰੇ ਹੋਏ ਸਿੱਟਿਆਂ ਨਾਲ
ਦਹਿਕਦੇ ਕਿੱਸਿਆਂ ਨਾਲ
ਗੁਲਾਬੀ ਕਲੀਆਂ ਨਾਲ
ਵੇਲਾਂ ਤੇ ਫਲੀਆਂ ਨਾਲ
ਉੱਗਦਿਆਂ ਮੌਲਾਂ ਨਾਲ
ਸਿੱਟਿਆਂ ਤੇ ਹੋਲਾਂ ਨਾਲ
ਧੜਕਦੇ ਜਜ਼ਬਾਤਾਂ ਨਾਲ
ਪਿਆਰ ਦੀਆਂ ਬਾਤਾਂ ਨਾਲ
ਵੰਝਲੀ ਤੇ ਰਾਂਝੇ ਨਾਲ
ਡੋਰ ਤੇ ਮਾਝੇ ਨਾਲ
ਸੋਹਣੇ ਜਿਹੇ ਰੰਗਾਂ ਨਾਲ
ਉੱਡਦੀਆਂ ਪਤੰਗਾਂ ਨਾਲ
ਦਿਲ ਦੀ ਬੇਤਾਬੀ ਨਾਲ
ਮਨ ਦੀ ਮੁਰਗ਼ਾਬੀ ਨਾਲ
ਕੂੰਜਾਂ ਦੀਆਂ ਡਾਰਾਂ ਨਾਲ
ਖਿੜਦੇ ਕਚਨਾਰਾਂ ਨਾਲ
ਤੌੜੀ ਤੇ ਸਾਗ ਦੇ ਨਾਲ
ਜਰਦੇ ਦੇ ਸੁਆਦ ਦੇ ਨਾਲ
ਸਵੇਰ ਦੀਆਂ ਧੁੰਦਾਂ ਨਾਲ
ਤ੍ਰੇਲ ਦੀਆਂ ਬੂੰਦਾਂ ਨਾਲ
ਰੱਬ ਦੀ ਆਜ਼ਾਨ ਦੇ ਨਾਲ
ਦੀਨ ਈਮਾਨ ਦੇ ਨਾਲ
ਮਿਲਦੀਆਂ ਰੂਹਾਂ ਨਾਲ
ਪਿੰਡ ਦੀਆਂ ਜੂਹਾਂ ਨਾਲ
ਛਲਕਦੇ ਹਾਸਿਆਂ ਨਾਲ
ਲਿਆਈਂ ਤੂੰ ਬਹਾਰ ਨੀ
ਠਿਠੁਰੇ ਹੋਏ ਚਮਨ ਨੂੰ ਤੂੰ
ਕਰੀਂ ਗੁਲਜ਼ਾਰ ਨੀ
ਕਿ ਖਿੜਨ ਇਹ ਕਲੀਆਂ
ਵਧਣ ਇਹ ਫਲੀਆਂ
ਚਮਕਣ ਸੋਹਲ ਸ਼ਕਲਾਂ
ਦਮਕਣ ਸੋਨ ਫ਼ਸਲਾਂ
ਆਜਾ ਕਿ ਕਰਾਂ ਮੈਂ ਦੀਦ
ਖੁਸ਼ਆਮਦੀਦ: ਬਸੰਤ ਖ਼ੁਸ਼ਆਮਦੀਦ
ਕੁਲਵਿੰਦਰ ਕੌਰ ਨੰਗਲ