By BAKHSHISH SINGH
ਚੌਂਕ ਖਚਾ -ਖਚ ਭਰਦਾ ਜਾਂ ਰਿਹਾ ਹੈ।
ਬੜੀ ਭੀੜ ਹੈ ।।
ਕੁਛ ਰੰਗ ਬਰੰਗੀਆਂ ਪਗੜੀਆਂ ਵਾਲੇ ਚੇਹਰੇ,
ਕੁਛ ਚਿੱਟੇ ਕਾਲੇ ਤੇ ਕਰੜ -ਬਰੜੇ ;
ਦਾਹੜੇ ਵੀ ਨੇ ।।
ਵਿਚਕਾਰੋਂ ਪੈਂਦੀ ਹੈ ਇੱਕ ਇਲਾਹੀ ਨੂਰ ਦੀ ਝਲਕ-
ਬੜਾ ਸਰੂਰ ਹੈ ਚੇਹਰੇ ਤੇ,
ਅੱਖੀਆਂ ਵੀ ਨਿਰਭਉ ਨੇ ।।
ਭੀੜ ਵਿੱਚ ਫੁਸਰ ਫੁਸਰ ਜਿਹੀ ਹੋ ਰਹੀ ਹੈ ।।
ਸ਼ਾਇਦ ਬਾਦਸ਼ਾਹ ਅੱਜ ਕਿਸੇ ਬੁਰਜ ਦਾ
ਨੀਂਹ ਪੱਥਰ ਰੱਖੇਗਾ;
ਨਹੀਂ !
ਨੀਂਹ ਤਾਂ ਕੋਈ ਹੋਰ ਹੀ ਰੱਖੇਗਾ –
ਮਿੱਟੀ ਗਾਰੇ ਜਾਂ ਇੱਟ ਨਾਲ ਨਹੀਂ,
ਆਪਣੇ ਸਿਰ ਨਾਲ !
ਨਾ ਡਿੱਗੇ, ਨਾ ਢੱਠੇ,
ਨਾ ਖੁਰੇ , ਨਾ ਭੂਰੇ ।।
ਔਹ ਵੇਖੋ ! ਰਾਜੇ ਦੇ ਜੱਲਾਦ,
ਦਾਹ ਚੁੱਕੀ ਆਉਂਦੇ ਨੇ ।।
ਭੀੜ ਖਿਸਕਣ ਲੱਗ ਪਈ ਹੈ ।।
ਤੇ ਫੇਰ !
ਕਿੱਸੇ ਨੇ ਜੱਲਾਦਾਂ ਦੇ ਮੂੰਹ ਹਿੱਲਦੇ ਵੇਖੇ ।।
ਪਗੜੀਆਂ ਵਾਲੇ ਮੂੰਹ ਹਿੱਲਦੇ ਵੇਖੇ –
ਜਿਵੇਂ ਕਿਸੇ ਗੱਲ ਤੋਂ,
ਇਨਕਾਰ ਕਰਦੇ ਪਏ ਹੋਣ ।।
ਤੇ ਫੇਰ !
ਤੇ ਫੇਰ !
ਚੌਂਕ ਲਾਲ ਹੋ ਗਿਆ ।।
ਚੌਂਕ ਲਾਲ ਹੋ ਗਿਆ ;
ਪਰ ਕਤਲੇ ਧੜ੍ –
ਜ਼ਮੀਨ ਤੇ ਰਤਾ ਨਹੀਂ ਹਿੱਲੇ ।।
ਰਤਾ ਨਹੀਂ ਹਿੱਲੇ ।।
ਕਿਸੇ ਨੇ ਆਖਿਆ –
ਇਹਨਾਂ ਦਾ ਕੋਈ ਵਾਰਿਸ ਨਹੀਂ?
ਨਹੀਂ !!!!
ਵਾਰਿਸਾਂ ਨੂੰ ਤੁਸਾਂ ਕਤਲ ਨਹੀਂ ਕਰ ਸਕਣਾ ।।
ਇੱਕ ਵਾਰਿਸ ਤਾਂ ਕਤਲਿਆ ਸਿਰ ਲੈ ਕੇ,
ਆਨੰਦਪੁਰ ਵੀ ਪਹੁੰਚ ਚੁੱਕਾ ਹੈ ।।
ਸਿਰ ਅਜੇ ਜ਼ਿੰਦਾ ਹੈ !
ਓਹ ਵਾਰਿਸ ਹੈ ;
ਓਹ ਗੋਬਿੰਦ ਹੈ ।।
ਓਹ ਵਾਰਿਸ ਹੈ ;
ਓਹ ਗੋਬਿੰਦ ਹੈ ।।
ਸੱਚ ਹੈ –
“ਭੁੱਖਿਆਂ ਭੁੱਖ ਨ ਉੱਤਰੀ”
ਕਾਤਿਲ ਦਾਹ ਅਜੇ ਵੀ ਭੁੱਖੇ ਨੇ ।।
ਓਹ ਨਹੀਂ ਰੱਜਣਗੇ ।।
ਓਹ ਟੁੱਟ ਜਾਣਗੇ,
ਮੁੜ ਜਾਣਗੇ,
ਖੁੰਢੇ ਹੋ ਜਾਣਗੇ, ਪਰ ਨਹੀਂ ਰੱਜਣਗੇ ।।
ਓ ਕਾਤਲੋ !
ਰੱਜ ਲੈਣਾ ਚਮਕੌਰ ਵਿੱਚ ।।
ਓ ਕਾਤਲੋ !
ਰੱਜ ਲੈਣਾ ਸਰਹੰਦ ਵਿੱਚ ।।
ਆਨੰਦਪੁਰ ਵੀ ਆ ਜਾਣਾ ।।
ਸਿਰਫ਼ ਇੱਕੇ ਹੀ ਚੌਂਕ ਦੀ ਗੱਲ ਨਹੀਂ-
ਬਥੇਰੇ ਚੌਂਕ ਨੇ ।।
ਸਿਰਫ਼ ਚਾਂਦਨੀ ਚੌਂਕ ਦੀ ਗੱਲ ਨਹੀਂ –
ਅਜੇ ਬਥੇਰੇ ਚੌਂਕ ਨੇ ।।
ਬਥੇਰੇ ਚੌਂਕ ਨੇ ।।